ਮੈਂ ਨਹੀਂ ਕਹਿੰਦਾ ਕਿ ਮੈਂ ਪੂਰਾ ਸੱਚ ਬੋਲਦਾ ਹਾਂ।
ਮੌਕਾ ਮਿਲੇ ਤਾਂ ਮੈਂ ਵੀ ਓਦੋਂ ਘੱਟ ਤੋਲਦਾ ਹਾਂ।
ਹੇਰਾਫੇਰੀ ਕਿੰਨੀ ਕੀਤੀ ਕਿੱਥੇ ਅਤੇ ਕਦੋਂ ਕੀਤੀ,
ਗਹਿਰੇ ਭੇਦ ਕਦੇ ਨਾ ਦੱਸਾਂ ਨਹੀਂ ਖੋਲਦਾ ਹਾਂ।
ਆਪਣੇ ਆਪ ਨੂੰ ਸਦਾ ਹੀ ਸਮਝਾਂ ਦੁੱਧ ਨਹਾਤਾ ਮੈਂ,
ਦੂਸਰਿਆਂ ਵਿੱਚੋਂ ਪਰ ਕਿੰਨੇ ਨੁਕਸ ਟੋਲਦਾ ਹਾਂ।
ਲੋਕਾਂ ਨੂੰ ਨਿੱਤ ਦਿਆਂ ਨਸੀਹਤਾਂ ਲੇਕਿਨ ਆਪੇਂ ਹੀ,
ਕਾਇਦੇ ਅਤੇ ਕਾਨੂੰਨ ਵੀ ਪੈਰਾਂ ਵਿੱਚ ਰੋਲਦਾ ਹਾਂ।
ਸ਼ਾਇਦ ਮੇਰੇ ਅੰਦਰ ਕੋਈ ਮੁਜ਼ਰਮ ਬੈਠਾ ਹੈ,
ਪਾਰੇ ਵਾਂਗੂੰ ਏਸੇ ਕਰਕੇ ਰੋਜ ਡੋਲਦਾ ਹਾਂ।
(ਬਲਜੀਤ ਪਾਲ ਸਿੰਘ)