Saturday, April 20, 2024

ਗ਼ਜ਼ਲ

ਚੀਂ ਚੀਂ ਕਰਕੇ ਚਿੜੀਆਂ ਵਕਤ ਟਪਾ ਲੈਣਾ ਹੈ।

ਤੁਰਦੇ ਤੁਰਦੇ ਰਾਹੀਂਆਂ ਪੰਧ ਮੁਕਾ ਲੈਣਾ ਹੈ।

 

ਪੱਕੀਆਂ ਫ਼ਸਲਾਂ ਦਾਣੇ ਕਿੰਨੇ ਲੋਕਾਂ ਖਾਣੇ,

ਘੌਲੀ ਬੰਦਿਆਂ ਝੁੱਗਾ ਚੌੜ ਕਰਾ ਲੈਣਾ ਹੈ।


ਗਰਮੀ ਸਰਦੀ ਵਾਲੇ ਮੌਸਮ ਆਉਂਦੇ ਰਹਿਣੇ,

ਕੁਦਰਤ ਨੇ ਆਪਣਾ ਲੋਹਾ ਮੰਨਵਾ ਲੈਣਾ ਹੈ। 


ਜਿੰਨ੍ਹਾਂ 'ਨੇਰ੍ਹੇ ਨਾਲ ਹਮੇਸ਼ਾ ਟੱਕਰ ਲੈਣੀ,

ਸ਼ਾਮ ਢਲੇ ਤੋਂ ਉਹਨਾਂ ਦੀਪ ਜਲਾ ਲੈਣਾ ਹੈ।


ਆਪਣੇ ਘਰ ਨੂੰ ਏਸ ਤਰ੍ਹਾਂ ਤਰਤੀਬ ਦਿਆਂਗੇ, 

ਹਰ ਵਸਤੂ ਨੂੰ ਆਪਣੀ ਜਗ੍ਹਾ ਟਿਕਾ ਲੈਣਾ ਹੈ।


ਸਾਡੇ ਇਮਤਿਹਾਨ ਦਾ ਵੇਲਾ ਜਦ ਵੀ ਆਇਆ,

ਸੋਚਾਂ ਵਾਲਾ ਘੋੜਾ ਤੇਜ਼ ਭਜਾ ਲੈਣਾ ਹੈ।


ਲਾਗੂ ਹੋਇਆ ਜੰਗਲ ਦਾ ਕਾਨੂੰਨ ਸ਼ਹਿਰ ਤੇ,

ਤਾਕਤਵਰ ਨੇ ਮਾੜੇ ਤਾਈਂ ਡਰਾ ਲੈਣਾ ਹੈ।


ਗੱਲੀਂ ਬਾਤੀਂ ਜਿਹੜਾ ਸ਼ਾਤਰ ਹੋ ਨਿਬੜਿਆ, 

ਦੁਨੀਆ ਨੇ ਉਸਨੂੰ ਹੀ ਪੀਰ ਬਣਾ ਲੈਣਾ ਹੈ।


ਜੇਕਰ ਸਾਹਿਤਕਾਰਾਂ ਨੇ ਸੱਚ ਨਾ ਲਿਖਿਆ ਤਾਂ,

ਹੁਕਮਰਾਨ ਤੋਂ ਗਲ਼ ਵਿੱਚ ਪਟਾ ਪਵਾ ਲੈਣਾ ਹੈ।


ਵਤਨ ਦੇ ਰਹਿਬਰ ਕੁਫ਼ਰ ਤੋਲਦੇ ਥੱਕਦੇ ਨਹੀਂ 

ਆਖਿਰ ਉਹਨਾਂ ਆਪਣਾ ਤਵਾ ਲਵਾ ਲੈਣਾ ਹੈ।


ਢੱਠੇ ਖੂਹ ਵਿੱਚ ਜਾਣ ਅਜਿਹੇ ਮਿੱਤਰ ਬੇਲੀ, 

ਔਖੇ ਵੇਲੇ ਜਿੰਨ੍ਹਾਂ ਰੰਗ ਵਟਾ ਲੈਣਾ ਹੈ।

(ਬਲਜੀਤ ਪਾਲ ਸਿੰਘ)


Sunday, April 14, 2024

ਗ਼ਜ਼ਲ

ਗੱਲ ਗੱਲ ਤੇ ਨੁਕਤਾਚੀਨੀ ਠੀਕ ਨਹੀਂ।

ਹਰਕਤ ਕੋਝੀ ਅਤੇ ਕਮੀਨੀ ਠੀਕ ਨਹੀਂ।


ਕਾਗਜ਼ ਫਾਈਲਾਂ ਅੰਦਰ ਤਾਂ ਸਭ ਕੁਝ ਚੰਗਾ, 

ਹਾਲਤ ਐਪਰ ਕੋਈ ਜ਼ਮੀਨੀ ਠੀਕ ਨਹੀਂ।


ਸਭਨਾਂ ਨੂੰ ਹੀ ਮੌਕੇ ਮਿਲਣੇ ਚਾਹੀਦੇ ਨੇ,

ਆਪਣਿਆਂ ਨੂੰ ਤਾਜਨਸ਼ੀਨੀ ਠੀਕ ਨਹੀਂ।


ਕਦੇ ਕਦਾਈਂ ਹੱਸਣ ਖੇਡਣ  ਚਾਹੀਦਾ ਹੈ,

ਹਰ ਵੇਲੇ ਸੱਜਣਾ ਗਮਗੀਨੀ ਠੀਕ ਨਹੀਂ। 


ਫਿੱਕੀ ਬਾਣੀ ਨਾ ਬੋਲੋ ਬਾਬੇ ਫ਼ੁਰਮਾਇਆ,

ਗੱਲਾਂ ਬਾਤਾਂ ਵਿੱਚ ਨਮਕੀਨੀ ਠੀਕ ਨਹੀਂ। 


ਖੈਰ ਮੁਬਾਰਕ ਹੋਵੇ ਆਓ ਸਭ ਨੂੰ ਕਹੀਏ,

ਰਸਨਾ ਐਵੇਂ ਕੌੜੀ ਕੀਨੀ ਠੀਕ ਨਹੀਂ।

(ਬਲਜੀਤ ਪਾਲ ਸਿੰਘ)

Sunday, March 31, 2024

ਗ਼ਜ਼ਲ

ਤਰਾਂ ਤਰਾਂ ਦੇ ਇਹਨਾਂ ਮਾਰੂ ਹਥਿਆਰਾਂ ਦਾ ਕੀ ਕਰਨਾ ਹੈ?

ਪਿਆਰ ਵਿਹੂਣੇ ਨਿਰਮੋਹੇ ਪਰਿਵਾਰਾਂ ਦਾ ਕੀ ਕਰਨਾ ਹੈ?

 

ਭੁੱਖ ਗਰੀਬੀ ਬੇਰੁਜ਼ਗਾਰੀ ਜਿਨ੍ਹਾਂ ਕੋਲੋਂ ਮੁੱਕਦੀ ਨਹਿਓਂ ,

ਚੁਣੀਆਂ ਹੋਈਆਂ ਉਹਨਾਂ ਸਰਕਾਰਾਂ ਦਾ ਕੀ ਕਰਨਾ ਹੈ ?


ਜਦੋਂ ਵਿਰਾਸਤ ਸਾਂਭਣ ਵਾਲੇ ਮਾਂ ਬੋਲੀ ਤੋਂ ਮੁਨਕਰ ਹੋਏ,

ਐਸੇ ਕਵੀਆਂ ਦੇ ਕਾਵਿਕ ਦਰਬਾਰਾਂ ਦਾ ਕੀ ਕਰਨਾ ਹੈ? 


ਰੋਟੀ ਰੋਜ਼ੀ ਖਾਤਰ ਜੇਕਰ ਆਪਣਾ ਘਰ ਹੀ ਛੱਡਣਾ ਪੈਂਦਾ, 

ਪਰਦੇਸਾਂ ਵਿੱਚ ਹਾਸਲ ਫਿਰ ਰੁਜ਼ਗਾਰਾਂ ਦਾ ਕੀ ਕਰਨਾ ਹੈ?

 

ਪੱਤਰਕਾਰੀ ਅਤੇ ਮੀਡੀਆ ਸੱਚ ਬੋਲਣਗੇ ਚਾਹੀਦਾ ਸੀ,

ਪਹਿਲਾਂ ਹੀ ਵਿਕ ਚੁੱਕੇ ਹੋਏ ਅਖਬਾਰਾਂ ਦਾ ਕੀ ਕਰਨਾ ਹੈ?


ਲੋਕਾਂ ਨੂੰ ਭੰਬਲਭੂਸੇ ਤੇ ਰੱਬ ਦੇ ਨਾਂਅ ਤੇ ਜਿੰਨ੍ਹਾਂ ਪਾਇਆ, 

ਰਿਸ਼ੀਆਂ ਮੁਨੀਆਂ ਤੇ ਐਸੇ ਅਵਤਾਰਾਂ ਦਾ ਕੀ ਕਰਨਾ ਹੈ?


ਇੱਕੋ ਮੋਢਾ ਚਾਹੀਦਾ ਹੈ ਜਿਹੜਾ ਪਾਰ ਲੰਘਾ ਦੇਵੇਗਾ,

ਮੰਝਧਾਰ ਜੋ ਡੋਬਣ ਕਿਸ਼ਤੀ ਪਤਵਾਰਾਂ ਦਾ ਕੀ ਕਰਨਾ ਹੈ

?

(ਬਲਜੀਤ ਪਾਲ ਸਿੰਘ)

Saturday, March 23, 2024

ਗ਼ਜ਼ਲ

 ਉਹ ਤਹੱਮਲ ਸਾਫ਼ਗੋਈ ਵਲਵਲੇ ਜਾਂਦੇ ਰਹੇ।

ਫੁੱਲ ਕਲੀਆਂ ਡਾਲੀਆਂ ਦੇ ਸਿਲਸਿਲੇ ਜਾਂਦੇ ਰਹੇ। 


ਤੇਰੇ ਦਰ ਤੇ ਹੋਈ ਜਿਹੜੀ ਕਿਰਕਿਰੀ ਉਹ ਯਾਦ ਹੈ,

ਫਿਰ ਖਲੋਤੇ ਰਹਿ ਗਏ ਹਾਂ ਕਾਫ਼ਲੇ ਜਾਂਦੇ ਰਹੇ। 


ਸਾਨੂੰ ਸਾਡੀ ਸਾਦਗੀ ਵੀ ਅੰਤ ਨੂੰ ਮਹਿੰਗੀ ਪਈ,

ਜਜ਼ਬਿਆਂ ਸੰਗ ਖੇਡ ਸੋਹਣੇ ਮਨਚਲੇ ਜਾਂਦੇ ਰਹੇ। 


ਹਰ ਮੁਸਾਫ਼ਿਰ ਜਾ ਰਿਹਾ ਹੈ ਖੌਫ ਦੀ ਖਾਈ ਜਿਵੇਂ, 

ਉਡਦੀਆਂ ਧੂੜਾਂ ਨੇ ਰਸਤੇ ਮਖ਼ਮਲੇ ਜਾਂਦੇ ਰਹੇ।


ਮਾਰੂਥਲ ਚੋਂ ਲੰਘ ਆਈ ਹੈ ਪਿਆਸੀ ਆਤਮਾ, 

ਰਸਤਿਆ ਵਿੱਚ ਆਏ ਜਿਹੜੇ ਜ਼ਲਜ਼ਲੇ ਜਾਂਦੇ ਰਹੇ। 

(ਬਲਜੀਤ ਪਾਲ ਸਿੰਘ)

Monday, March 18, 2024

ਗ਼ਜ਼ਲ

ਜਿੰਨ੍ਹਾਂ ਖਾਤਰ ਆਪਣਾ ਆਪ ਗਵਾਇਆ ਹੈ।
ਉਹਨਾਂ ਮੈਨੂੰ ਬੇ-ਇਜ਼ਤ ਕਰਵਾਇਆ ਹੈ।

ਮੈਂ ਵੀ ਹੰਭ ਹਾਰ ਕੇ ਬੈਠਣ ਵਾਲਾ ਨਹੀਂ, 
ਭਾਵੇਂ ਬਹੁਤਾ ਆਪਣਿਆਂ ਉਲਝਾਇਆ ਹੈ।

ਸ਼ਾਇਦ ਚੋਣਾਂ ਨੇੜੇ ਤੇੜੇ ਹੋਣਗੀਆਂ,
ਏਸੇ ਕਰਕੇ ਹਰ ਮੁੱਦਾ ਗਰਮਾਇਆ ਹੈ। 

ਪੌਣ ਰਸੀਲੀ ਰੁੱਖਾਂ ਨੂੰ ਸੰਗੀਤ ਦਵੇ, 
ਫੁੱਲ ਤਿਤਲੀਆਂ ਗੁਲਸ਼ਨ ਦਾ ਸਰਮਾਇਆ ਹੈ।

ਗਲੀਆਂ ਅਤੇ ਬਜ਼ਾਰਾਂ ਵਿੱਚ ਹੈ ਰੌਣਕ ਡਾਢੀ,
ਸ਼ਹਿਰ ਨੂੰ ਕਿਸਨੇ ਰੰਗ ਰੋਗਨ ਕਰਵਾਇਆ ਹੈ।

ਏਥੇ ਰਹਿ ਕੇ ਸਭ ਕੁਝ ਹਾਸਲ ਕਰ ਲੈਂਦੇ 
ਪਰਦੇਸਾਂ ਦੀ ਚਕਾਚੌਂਧ ਭਰਮਾਇਆ ਹੈ। 

ਬਹੁਤੀ ਵਾਰੀ ਸਾਨੂੰ ਦਰਦਾਂ ਬਖ਼ਸ਼ਣ ਵਾਲ਼ਾ, 
ਹੁੰਦਾ ਆਪਣਾ ਹੀ ਕੋਈ ਹਮਸਾਇਆ ਹੈ। 
(ਬਲਜੀਤ ਪਾਲ ਸਿੰਘ)
  


Sunday, March 10, 2024

ਗ਼ਜ਼ਲ

ਆਪਣੇ ਹੀ ਦਰਦ ਦੇ ਮੈਂ ਹਾਣ ਦਾ ਹਾਂ ।

ਮੈਂ ਤਾਂ ਖ਼ੁਦ ਨੂੰ ਬਹੁਤ ਥੋੜ੍ਹਾ ਜਾਣਦਾ ਹਾਂ ।


ਗੀਟਿਆਂ ਤੇ ਪੱਥਰਾਂ ਦੇ ਸ਼ਹਿਰ ਵਿੱਚੋਂ ,

ਖਾਕ ਐਵੇਂ ਮੋਤੀਆਂ ਲਈ ਛਾਣਦਾ ਹਾਂ।


ਜੋ ਖਰੀਦੀ ਬਾਰਿਸ਼ਾਂ ਤੋਂ ਬਚਣ ਨੂੰ ਸੀ,

ਓਹੀ ਛੱਤਰੀ ਧੁੱਪ ਵੇਲੇ ਤਾਣਦਾ ਹਾਂ।


ਮੈਂ ਜਨਮ ਤੋਂ ਹੀ ਬਹਾਰਾਂ ਦਾ ਹਾਂ ਆਸ਼ਕ,

ਸਖ਼ਤ ਔੜਾਂ ਪਤਝੜਾਂ ਵੀ ਮਾਣਦਾ ਹਾਂ ।


ਸਹਿਜੇ ਸਹਿਜੇ ਤੁਰ ਰਿਹਾ ਹਾਂ ਮੈਂ ਭਾਵੇਂ, 

ਔਖੇ ਪੈਂਡੇ ਵੀ ਮੁਕਾਉਣੇ ਠਾਣਦਾ ਹਾਂ ।

(ਬਲਜੀਤ ਪਾਲ ਸਿੰਘ)

Monday, February 19, 2024

ਗ਼ਜ਼ਲ

 ਜੇ ਮੈਂ ਭੈੜਾ ਬੰਦਾ ਹੁੰਦਾ।

ਲੁੱਟ-ਖੋਹ ਮੇਰਾ ਧੰਦਾ ਹੁੰਦਾ।


ਦਾਗ਼ੋ-ਦਾਗ਼ ਚਰਿੱਤਰ ਵਾਲਾ,

ਬੰਦਾ ਬਹੁਤ ਹੀ ਗੰਦਾ ਹੁੰਦਾ।


ਪੱਥਰ ਜਹੀ ਤਬੀਅਤ ਹੁੰਦੀ, 

ਸ਼ਕਲੋਂ ਥੋੜਾ ਮੰਦਾ ਹੁੰਦਾ।

 

ਡੇਰਾ ਹੁੰਦਾ ਸੜਕ ਕਿਨਾਰੇ,

ਲੱਖ ਕਰੋੜਾਂ ਚੰਦਾ ਹੁੰਦਾ।


ਆਕੜ ਫਾਕੜ ਜੋ ਵੀ ਕਰਦਾ,

ਉਹਦੇ ਗਲ ਵਿੱਚ ਫੰਦਾ ਹੁੰਦਾ।

(ਬਲਜੀਤ ਪਾਲ ਸਿੰਘ)

Saturday, February 10, 2024

ਗ਼ਜ਼ਲ

ਕੌਣ ਇਹ ਜਾਣੇ ਸਰਕਾਰਾਂ ਨੇ ਕੀ ਕਰਨਾ ਹੈ ?

ਏਸੇ ਕਰਕੇ ਹਾਲਾਤਾਂ ਤੋਂ ਵੀ ਡਰਨਾ ਹੈ ?


ਆਪੋ ਧਾਪੀ ਪਈ ਤਾਂ ਕਿਹੜੇ ਨਾਲ ਖੜ੍ਹਨਗੇ, 

ਰੱਬ ਹੀ ਜਾਣੇ ਓਦੋਂ ਕਿਸ ਨੇ ਦਮ ਭਰਨਾ ਹੈ ?


ਐਵੇਂ ਕਿਹੜੇ ਵਹਿਮਾਂ ਵਿੱਚ ਫਿਰਦੇ ਹੋ ਜਾਨੂੰ, 

ਵਕਤ ਹੀ ਦੱਸੇਗਾ ਕਿਸ ਡੁੱਬਣਾ ਕਿਸ ਤਰਨਾ ਹੈ ?


ਆਪਣੀ ਹਾਊਮੇ ਨੂੰ ਪੱਠੇ ਜਿੰਨੇ ਵੀ ਪਾਓ,

ਕੋਈ ਨਾ ਜਾਣੇ ਕਿਹੜੀ ਰੁੱਤੇ ਕਦ ਮਰਨਾ ਹੈ ?


ਭਾਵੇਂ ਲੀਨ ਸਮੁੰਦਰ ਵਿੱਚ ਹੋ ਜਾਂਦਾ ਹੈ ਇਹ,  

ਦਰਿਆ ਨੂੰ ਪੈਦਾ ਕਰਦਾ ਆਖਰ ਝਰਨਾ ਹੈ ?

(ਬਲਜੀ

ਤ ਪਾਲ ਸਿੰਘ)




Saturday, February 3, 2024

ਗ਼ਜ਼ਲ


ਰੁੱਤ ਕਰੁੱਤ ਦੀ ਆਖਰੀ ਗ਼ਜ਼ਲ 

ਮੇਰੇ ਦਿਲ ਵਿੱਚ ਬਹੁਤਾ ਡੂੰਘਾ ਲਹਿ ਗਿਆ ਹੈ ।

ਗਮ ਇਹਦੇ ਵਿੱਚ ਘਰ ਬਣਾ ਕੇ ਬਹਿ ਗਿਆ ਹੈ।

 

ਰਸਤੇ ਵਿੱਚ ਕੋਈ ਵੀ ਹਰਿਆਲੀ ਮਿਲੀ ਨਾ ,

ਇਹ ਸਫ਼ਰ ਬੇਕਾਰ ਹੋ ਕੇ ਰਹਿ ਗਿਆ ਹੈ।


ਪਲਕਾਂ ਉੱਤੇ ਅਟਕਿਆ ਜੋ ਅੱਥਰੂ ਮੁੱਦਤ ਤੋਂ ਸੀ, 

ਆਈ ਉਸਦੀ ਯਾਦ ਤਾਂ ਉਹ ਵਹਿ ਗਿਆ ਹੈ ।


ਰੁੱਤਾਂ ਨੇ ਹਨ ਢਾਹੀਆਂ ਏਨੀਆਂ ਬੇਰੁਖੀਆਂ,

ਕੱਚਾ ਘਰ ਸੀ ਬਾਰਿਸ਼ ਦੇ ਵਿੱਚ ਢਹਿ ਗਿਆ ਹੈ।


ਲੱਗਿਆ ਏਦਾਂ ਸੀ ਹੁਣ ਕੀ ਕਰਾਂਗੇ ਉਹਦੇ ਬਿਨ, 

ਫਿਰ ਵੀ ਲੰਮੀ ਦਿਲ ਜੁਦਾਈ ਸਹਿ ਗਿਆ ਹੈ ।


ਏਥੇ ਲੱਖਾਂ ਧਰਤੀਆਂ ਆਕਾਸ਼ ਵੀ ਲੱਖਾਂ ਹੀ ਨੇ, 

ਸਾਡਾ ਬਾਬਾ ਸਦੀਆਂ ਪਹਿਲਾਂ ਕਹਿ ਗਿਆ ਹੈ।


(ਬਲਜੀਤ ਪਾਲ ਸਿੰਘ)

Sunday, January 21, 2024

ਗ਼ਜ਼ਲ

ਰੱਬ ਸੁਰਖੁਰੂ ਹੋਇਆ ਉਸਨੇ ਧਰਤੀ ਉੱਤੇ ਮਾਵਾਂ ਘੱਲੀਆਂ 

ਮਮਤਾ ਮੂਰਤ ਸਾਬਤ ਘੜ ਕੇ ਠੰਢੀਆਂ ਮਿੱਠੀਆਂ ਛਾਵਾਂ ਘੱਲੀਆਂ 


ਆਏ ਰੰਗ ਬਰੰਗੇ ਬੰਦੇ ਕਰਦੇ ਆਪੋ ਆਪਣੇ ਧੰਦੇ 

ਸ਼ੀਤਲ ਹਿਰਦੇ ਕਲਮਾਂ ਵਾਲੇ ਗ਼ਜ਼ਲਾਂ ਤੇ ਕਵਿਤਾਵਾਂ ਘੱਲੀਆਂ 


ਜਿਹੜੇ ਭਾਅ ਵੀ ਮਿਲੇ ਮੁਹੱਬਤ ਉਹ ਨਹੀਂ ਘਾਟੇਵੰਦਾ ਸੌਦਾ 

ਸੱਜਣ ਬੇਲੀ ਮਿਲਦੇ ਜੁਲਦੇ ਹਰੀਆਂ ਭਰੀਆਂ ਰਾਹਵਾਂ ਘੱਲੀਆਂ 


ਰਿਸ਼ਤੇ ਨਾਤੇ ਤੰਦਾਂ ਆਈਆਂ ਰੀਤਾਂ ਰਸਮਾਂ ਡੋਰੇ ਪਾਏ 

ਤਾਏ ਚਾਚੇ ਭੂਆ ਭੈਣਾਂ ਭਾਈ ਘੱਲੇ ਬਾਹਵਾਂ ਘੱਲੀਆਂ


ਝੱਖੜ 'ਨ੍ਹੇਰੀ ਪਤਝੜ ਆਈ ਮਿੱਠੀਆਂ ਮਿੱਠੀਆਂ ਪੈਣ ਫੁਹਾਰਾਂ 

ਗਰਮੀ ਸਰਦੀ ਦੀ ਰੁੱਤ ਆਈ ਨਾਲੇ ਸਾਉਣ ਘਟਾਵਾਂ ਘੱਲੀਆਂ 


ਰੀਝਾਂ ਸੁਫ਼ਨੇ ਖ਼ਾਮ ਖ਼ਿਆਲੀ ਚਰਚਾ ਕਰਦੀ ਖ਼ਲਕਤ ਸਾਰੀ 

ਸੋਨੇ ਚਾਂਦੀ ਰੰਗੇ ਪੰਨੇ ਕਰਕੇ ਪਰੀ ਕਥਾਵਾਂ ਘੱਲੀਆਂ


ਤਪਦੀ ਉਮਰੇ ਔਖਾ ਹੋਵੇਗਾ ਇਹ ਨਾਜ਼ੁਕ ਦਿਲ ਦਾ ਮਾਲਕ 

ਤਾਹੀਂ ਤਾਂ ਬਲਜੀਤ ਲਈ ਉਸ ਕੂਲੀਆਂ ਕੂਲੀਆਂ 'ਵਾਵਾਂ ਘੱਲੀਆਂ 

(ਬਲਜੀਤ ਪਾਲ ਸਿੰਘ)

Tuesday, January 9, 2024

ਗ਼ਜ਼ਲ

 ਸਾਰਾ ਦਿਨ ਮੈਂ ਕਿਵੇਂ ਲੰਘਾਵਾਂ, ਕੋਈ ਨਾ ਜਾਣੇ 

ਏਧਰ ਓਧਰ ਵਕਤ ਟਪਾਵਾਂ, ਕੋਈ ਨਾ ਜਾਣੇ 


ਗੱਲੀਂ ਬਾਤੀਂ ਮੇਰੇ ਜੋ ਹਮਦਰਦ ਬਣੇ ਹਨ 

ਓਹਨਾ ਦੇ ਵੀ ਰਾਜ਼ ਸੁਣਾਵਾਂ, ਕੋਈ ਨਾ ਜਾਣੇ 


ਫੁੱਲਾਂ ਨੇ ਖਿੜ੍ਹਨਾ, ਪੱਕਣਾ,ਕਿਰ ਜਾਣਾ ਹੁੰਦਾ 

ਰੁੱਤਾਂ ਦੇ ਉਹ ਦਰਦ ਗਿਣਾਵਾਂ, ਕੋਈ ਨਾ ਜਾਣੇ 


ਆਸੇ ਪਾਸੇ ਵੀ ਮਹਿਬੂਬ ਜਹੇ ਬੰਦੇ ਹੁੰਦੇ ਨੇ 

ਆਓ ਜਾਣ ਪਛਾਣ ਕਰਾਵਾਂ, ਕੋਈ ਨਾ ਜਾਣੇ 


ਮੁੱਠੀ ਵਿੱਚੋਂ ਕਿਰ ਜਾਂਦੀ ਉਹ ਰੇਤਾ ਵਾਂਗੂੰ 

ਜਦ ਵੀ ਕੋਈ ਬਣਤ ਬਣਾਵਾਂ, ਕੋਈ ਨਾ ਜਾਣੇ 


ਸੁਰਗ ਨਰਕ ਹੁੰਦਾ ਹੈ ਜਾਂ ਫਿਰ ਇੱਕ ਛਲਾਵਾ

ਸਭ ਨੂੰ ਐਵੇਂ ਰੋਜ ਡਰਾਵਾਂ, ਕੋਈ ਨਾ ਜਾਣੇ 


ਜੰਗਲ ਦੇ ਵਿੱਚ ਬਿਰਖ ਇਕੱਲਾ ਵੀ ਨਾ ਹੋਵੇ 

ਚੜ੍ਹਤਾਂ ਹੁੰਦੀਆਂ ਨਾਲ ਭਰਾਵਾਂ, ਕੋਈ ਨਾ ਜਾਣੇ 

(ਬਲਜੀਤ ਪਾਲ ਸਿੰਘ)


 







Saturday, December 30, 2023

ਗ਼ਜ਼ਲ

ਪੌਣ ਸੁਨਹਿਰੀ ਧਰਤ ਰੰਗੀਲੀ ਤੇ ਸ਼ੀਤਲ ਜਲ ਖ਼ਤਰੇ ਵਿੱਚ ਹੈ 

ਝਰਨੇ ਪਰਬਤ ਜੀਵ ਜਨੌਰੇ ਤੇ ਹਰਿਆਵਲ ਖ਼ਤਰੇ ਵਿੱਚ ਹੈ 

ਧੁੰਦਲੇ ਮੌਸਮ ਗੰਧਲੇ ਰਸਤੇ ਕਾਲੀਆਂ ਰਾਤਾਂ ਵਰਗਾ ਜੀਵਨ 

ਪਹਿਲਾਂ ਵਾਲਾ ਸਮਾਂ ਤੇ ਕਾਰ ਵਿਹਾਰ ਉਹ ਨਿਰਛਲ ਖ਼ਤਰੇ ਵਿੱਚ ਹੈ 

ਸੜਕਾਂ ਉੱਤੇ ਦੁਰਘਟਨਾਵਾਂ ਖੂਨ ਖ਼ਰਾਬਾ ਪਹੁੰਚ ਗਿਆ ਹੈ ਸਿਖਰਾਂ ਤੀਕਰ 

ਹਰ ਬੰਦੇ ਦੀ ਜਿੰਦਗੀ ਦਾ ਹਰ ਇੱਕ ਲੰਘਦਾ ਪਲ ਖ਼ਤਰੇ ਵਿੱਚ ਹੈ 

ਸਿੰਥੈਟਿਕ ਵਸਤਾਂ ਵਿੱਚ ਹੋਈ ਇਹ ਪੀੜ੍ਹੀ ਗਲਤਾਨ ਇਸ ਤਰ੍ਹਾਂ 

ਭਗਤ ਕਬੀਰ ਦਾ ਖੱਦਰ ਤੇ ਢਾਕੇ ਦੀ ਮਲਮਲ ਖ਼ਤਰੇ ਵਿੱਚ ਹੈ 

ਦਰਦ ਅਵੱਲੜੇ ਸੜ ਜਾਣੇ ਹਨ ਸਿਵਿਆਂ ਅੰਦਰ ਸਭ ਦੇ ਸਾਹਵੇਂ 

ਸਾਹਾਂ ਵਾਲੀ ਡੋਰ 'ਚ ਪੈਦਾ ਹੁੰਦੀ ਹੈ ਜੋ ਹਲਚਲ ਖ਼ਤਰੇ ਵਿੱਚ ਹੈ 

ਪਾਗਲ ਹੋਈ ਭੱਜੀ ਫਿਰਦੀ ਏਦਾਂ ਖ਼ਲਕਤ ਗਲੀਆਂ ਅਤੇ ਬਾਜ਼ਾਰਾਂ ਅੰਦਰ 

ਸਾਦ ਮੁਰਾਦੇ ਕੱਚੇ ਰਾਹ ਤੇ ਪਗਡੰਡੀ ਨਿਰਮਲ ਖ਼ਤਰੇ ਵਿੱਚ ਹੈ 

ਵਰਤ ਵਰਤ ਕੇ ਸਾਧਨ ਸਾਰੇ ਕਿੰਨਾ ਕੁਝ ਹੀ ਆਪ ਮੁਕਾਇਆ

ਪਾਣੀ ਇੱਕ ਦਿਨ ਮੁੱਕ ਜਾਣਗੇ ਤਾਹੀਂ ਜਲਥਲ ਖ਼ਤਰੇ ਵਿੱਚ ਹੈ 

(ਬਲਜੀਤ ਪਾਲ ਸਿੰਘ)



Tuesday, December 26, 2023

ਗ਼ਜ਼ਲ

ਛੱਡ ਕੇ ਜ਼ਿੰਮੇਵਾਰੀ ਕਿੱਥੇ ਜਾਓਗੇ ?

ਅੱਗੇ ਦੁਨੀਆਦਾਰੀ ਕਿੱਥੇ ਜਾਓਗੇ ?

 

ਐਨੀ ਛੇਤੀ ਬੰਦ-ਖਲਾਸੀ ਨਹੀਂ ਹੋਣੀ, 

ਦਫ਼ਤਰ ਇਹ ਸਰਕਾਰੀ ਕਿੱਥੇ ਜਾਓਗੇ ?


ਵੀਜ਼ਾ ਲੈ ਕੇ ਯੂਰਪ ਭੱਜਣ ਲੱਗੇ ਹੋ, 

ਐਥੇ ਹੀ ਸਰਦਾਰੀ ਕਿੱਥੇ ਜਾਓਗੇ ?


ਡੇਰੇ ਡੂਰੇ ਛੱਡ ਕੇ ਆਪਣੇ ਘਰ ਬੈਠੋ,

ਲੈ ਕੇ ਲੰਬੜਦਾਰੀ ਕਿੱਥੇ ਜਾਓਗੇ ?


ਕਦੇ ਕਦਾਈਂ ਸੱਚ ਨੂੰ ਫਾਂਸੀ ਹੋ ਜਾਂਦੀ,  

ਬਣ ਕੇ ਪਰਉਪਕਾਰੀ ਕਿੱਥੇ ਜਾਓਗੇ ?

(ਬਲਜੀਤ ਪਾਲ ਸਿੰਘ)




Thursday, December 21, 2023

ਗ਼ਜ਼ਲ

ਸੱਟਾਂ ਫੇਟਾਂ ਰਗੜਾਂ ਜ਼ਖ਼ਮ ਬਥੇਰੇ ਨੇ 

ਬਹੁਤੇ ਸਾਰੇ ਆਪ ਸਹੇੜੇ ਮੇਰੇ ਨੇ


ਧਰਤੀ ਮਾਤਾ ਪਾਣੀ-ਪੌਣ ਅਤੇ ਬੈਸੰਤਰ 

ਸਭ ਦੇ ਸਾਂਝੇ ਨਾ ਇਹ ਮੇਰੇ ਤੇਰੇ ਨੇ


ਹਾਜ਼ਰ ਨਾਜ਼ਰ ਵੇਖੋ ਕੁਦਰਤ ਕਾਦਰ ਦੀ 

ਸਾਡੇ ਸਾਹਵੇਂ ਕਿੰਨੇ ਰੰਗ ਬਖੇਰੇ ਨੇ


ਕਾਲੇ ਸ਼ੀਸ਼ੇ ਪਰਦੇ ਓਹਲੇ ਸਾਜ਼ਿਸ਼ ਹੈ 

ਬਾਹਰ ਸੋਹਣਾ ਚਾਨਣ ਧੁੱਪ ਬਨੇਰੇ ਨੇ


ਡਟਿਆ ਰਹੀਂ ਕਿਸਾਨਾ ਆਪਣੇ ਖੇਤਾਂ ਵਿਚ 

ਸਭਨਾਂ ਨਾਲੋਂ ਤੇਰੇ ਕੰਮ ਵਡੇਰੇ ਨੇ


ਜਿਹਨਾਂ ਲੋਕਾਂ ਰੱਜ ਕੇ ਮਿਹਨਤ ਕੀਤੀ ਹੈ 

ਉਹਨਾਂ ਦੇ ਹੀ ਰੌਸ਼ਨ ਹੋਏ ਸਵੇਰੇ ਨੇ 

(ਬਲਜੀਤ ਪਾਲ ਸਿੰਘ)

Monday, December 18, 2023

ਗ਼ਜ਼ਲ

ਹੱਡੀਂ ਬੀਤੇ ਕਿੰਨੇ ਹੀ ਅਫ਼ਸਾਨੇ ਲੈ ਕੇ ਮਰ ਜਾਂਦੇ ਨੇ 

ਲੋਕੀਂ ਮਨ ਤੇ ਬੋਝ ਕਿਵੇਂ ਐਨਾ ਬਰਦਾਸ਼ਤ ਕਰ ਜਾਂਦੇ ਨੇ


ਉਹਨਾਂ ਦਾ ਕੀ ਜੀਣਾ ਜਿਹੜੇ ਘਬਰਾ ਜਾਣ ਹਾਲਾਤਾਂ ਕੋਲੋਂ  

ਗਰਮੀ ਸਰਦੀ ਮੌਸਮ ਕਰਕੇ ਬਾਹਰ ਜਾਣ ਤੋਂ ਡਰ ਜਾਂਦੇ ਨੇ


ਸੜਕਾਂ ਉੱਤੇ ਦੋਹੀਂ ਪਾਸੀਂ ਲੱਗਿਆ ਰਹਿੰਦਾ ਜਾਮ ਸਦਾ ਹੀ 

ਲੋੜ ਮੁਤਾਬਿਕ ਵਸਤਾਂ ਲੈ ਕੇ ਗਾਹਕ ਆਪਣੇ ਘਰ ਜਾਂਦੇ ਨੇ


ਛੱਡ ਕੇ ਖੁਦਗਰਜ਼ੀ ਨੂੰ ਥੋੜੇ ਨੇਕ ਜਿਹੇ ਬੰਦੇ ਏਥੇ ਵੀ 

ਮੋਹ ਮੁਹੱਬਤ ਦੇ ਦੀਵੇ ਦਿਲ ਦੀ ਮਮਟੀ ਤੇ ਧਰ ਜਾਂਦੇ ਨੇ


ਜਦੋਂ ਕਦੇ ਵੀ ਲੋੜ ਪਈ ਤਾਂ ਓਦੋਂ ਰੂਹ ਵਾਲੇ ਕੁਝ ਮਿੱਤਰ 

ਸਮੇਂ ਸਮੇਂ ਤੇ ਹੋਈਆਂ ਜੋ ਉਹ ਖਾਲੀ ਥਾਵਾਂ ਭਰ ਜਾਂਦੇ ਨੇ

(ਬਲਜੀਤ ਪਾਲ ਸਿੰਘ)

Friday, December 15, 2023

ਗ਼ਜ਼ਲ


ਕੱਚੇ ਵਿਹੜੇ ਤੇ ਘਰਾਂ ਨੂੰ ਯਾਦ ਰੱਖੀਂ 

ਰੌਣਕਾਂ ਲੱਗਦੇ ਦਰਾਂ ਨੂੰ ਯਾਦ ਰੱਖੀਂ 


ਤੇਰੀ ਮਰਜੀ ਹੈ ਕਰੀਂ ਪਰਵਾਸ ਭਾਵੇਂ 

ਛੱਡੇ ਹੋਏ ਪਰ ਗਰਾਂ ਨੂੰ ਯਾਦ ਰੱਖੀਂ 


ਹੇਰਵਾ ਹੋਇਆ ਜੇ ਮੁੱਕੇ ਪਾਣੀਆਂ ਦਾ 

ਸੁੱਕੇ ਹੋਏ ਸਰਵਰਾਂ ਨੂੰ ਯਾਦ ਰੱਖੀਂ 


ਪੁਰਖਿਆਂ ਆਬਾਦ ਕੀਤੇ ਜੋ ਕਦੇ 

ਰੱਕੜਾਂ ਤੇ ਬੰਜਰਾਂ ਨੂੰ ਯਾਦ ਰੱਖੀਂ


ਚੀਰਿਆ ਪੰਜਾਬ ਉਹਨਾਂ ਜ਼ਾਲਮਾਂ ਦੇ 

ਤਿੱਖੇ ਤੱਤੇ ਨਸ਼ਤਰਾਂ ਨੂੰ ਯਾਦ ਰੱਖੀਂ 


ਗ਼ਰਜ਼ਾਂ ਲਈ ਗੱਦਾਰ ਜਿਹੜੇ ਹੋ ਗਏ 

ਐਸੇ ਝੂਠੇ ਰਹਿਬਰਾਂ ਨੂੰ ਯਾਦ ਰੱਖੀਂ 

(ਬਲਜੀਤ ਪਾਲ ਸਿੰਘ)

 ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

Saturday, December 9, 2023

ਗ਼ਜ਼ਲ


ਕੰਮ ਮੁਕੰਮਲ ਹੋਣ ਸੁਚੱਜੀਆਂ ਬਾਹਾਂ ਨਾਲ।

ਜੇਕਰ ਤੱਕੀਏ ਦੁਨੀਆ ਨੇਕ ਨਿਗਾਹਾਂ ਨਾਲ।

 

ਉਤੋਂ ਉਤੋਂ ਬਾਬਾ ਨਾਨਕ ਸਾਡਾ ਹੈ ,

ਅੰਦਰੋਂ ਅੰਦਰੀ ਸਾਡੀ ਯਾਰੀ ਸ਼ਾਹਾਂ ਨਾਲ।


ਆਖਰ ਇੱਕ ਦਿਨ ਬੇੜੀ ਉਸਦੀ ਡੁਬੇਗੀ, 

ਜਿਸਦੀ ਬਹੁਤੀ ਬਣਦੀ ਨਹੀਂ ਮਲਾਹਾਂ ਨਾਲ।


ਮੰਜ਼ਿਲ ਮਿਲਣੀ ਓਦੋਂ ਸੌਖੀ ਹੋ ਜਾਂਦੀ, 

ਬਣਿਆ ਰਹਿੰਦਾ ਜਦ ਤੱਕ ਨਾਤਾ ਰਾਹਾਂ ਨਾਲ।


ਹਾਰਨ ਦਾ ਡਰ ਪੂਰਾ ਨਿਸ਼ਚਿਤ ਹੋ ਜਾਂਦਾ, 

ਲੜੀਏ ਜਦੋਂ ਮੁਕੱਦਮਾ ਕੂੜ ਗਵਾਹਾਂ ਨਾਲ।


ਬਰਕਤ ਉਸ ਕਾਰਜ ਵਿੱਚ ਪੈਂਦੀ ਜੋ ਕਰੀਏ ,

ਬੋਹੜਾਂ ਜਹੇ ਬਜ਼ੁਰਗਾਂ ਦੀਆਂ ਸਲਾਹਾਂ ਨਾਲ ।

(ਬਲਜੀਤ ਪਾਲ ਸਿੰਘ)

Sunday, December 3, 2023

ਗ਼ਜ਼ਲ


ਤੇਰੀਆਂ ਚਲਾਕੀਆਂ ਨੂੰ ਕੀ ਕਹਾਂ ?

ਤੂੰ ਹੈਂ ਮੇਰਾ ਬਾਕੀਆਂ ਨੂੰ ਕੀ ਕਹਾਂ ?


ਚੰਗਾ ਮਾੜਾ ਮੂੰਹ ਦੇ ਉੱਤੇ ਆਖ ਦਿਨੈਂ 

ਐਸੀਆਂ ਬੇਬਾਕੀਆਂ ਨੂੰ ਕੀ ਕਹਾਂ ?


ਆਵੇਂ ਜਾਵੇਂ ਚੋਰੀ ਚੋਰੀ ਰੋਜ਼ ਹੀ ਤੂੰ 

ਤੇਰੀਆਂ ਇਹ ਝਾਕੀਆਂ ਨੂੰ ਕੀ ਕਹਾਂ ?


ਕਾਹਤੋਂ ਛੱਡੇਂ ਤੀਰ ਸਿੱਧੇ ਅੰਬਰਾਂ ਨੂੰ  

ਲਾ ਰਿਹੈਂ ਜੋ ਟਾਕੀਆਂ ਨੂੰ ਕੀ ਕਹਾਂ ?


ਬੰਦ ਹੋਏ ਬੂਹਿਆਂ ਦੀ ਸਮਝ ਵੀ ਹੈ 

ਬੰਦ ਹੋਈਆਂ ਤਾਕੀਆਂ ਨੂੰ ਕੀ ਕਹਾਂ ?


ਤੱਕਦਾ ਹਾਂ ਸੁੰਨਿਆਂ ਮੈਖਾਨਿਆਂ ਨੂੰ 

ਰੁੱਸ ਬੈਠੇ ਸਾਕੀਆਂ ਨੂੰ ਕੀ ਕਹਾਂ ?


ਲੰਘ ਚੁੱਕਾ ਦੌਰ ਹੁਣ ਤਾਂ ਚਿੱਠੀਆਂ ਦਾ 

ਵਿਹਲੇ ਫਿਰਦੇ ਡਾਕੀਆਂ ਨੂੰ ਕੀ ਕਹਾਂ ?


(ਬਲਜੀਤ ਪਾਲ ਸਿੰਘ)


Wednesday, November 22, 2023

ਗ਼ਜ਼ਲ

 ਲੰਘ ਗਏ ਨੇ ਸੱਜਣ ਏਥੋਂ ਰੁਕਦੇ ਰੁਕਦੇ 

ਸਾਹ ਅਸਾਡੇ ਮਸਾਂ ਬਚੇ ਨੇ ਮੁਕਦੇ ਮੁਕਦੇ


ਕਈ ਮਾਰਦੇ ਨੇ ਲਲਕਾਰੇ ਗਲੀਆਂ ਅੰਦਰ 

ਕਈ ਲੰਘਾਉਂਦੇ ਉਮਰਾਂ ਏਥੇ ਲੁਕਦੇ ਲੁਕਦੇ 


ਰੀਝਾਂ ਚਾਵਾਂ ਸੱਧਰਾਂ ਨਾਲ ਹੰਢਾਇਆ ਹੋਇਆ 

ਕਬਰਾਂ ਨੇੜੇ ਆਇਆ ਜੀਵਨ ਢੁਕਦੇ ਢੁਕਦੇ 



ਸੋਹਣੇ ਪੌਦੇ ਗਮਲੇ ਵਿੱਚ ਲਗਾ ਲੈਂਦੇ ਹਾਂ 

ਪਾਣੀ ਨਾ ਦਈਏ ਮਰ ਜਾਂਦੇ ਸੁਕਦੇ ਸੁਕਦੇ


ਧੌਲੇ ਆਏ ਤੇ ਅੱਖਾਂ ਦੀ ਚਮਕ ਗੁਆਚੀ 

ਫ਼ਰਜ਼ਾਂ ਦੇ ਬੋਝਾਂ ਨੂੰ ਆਖਰ ਚੁਕਦੇ ਚੁਕਦੇ 


ਤੁਰਦਾ ਤੁਰਦਾ ਉਹ ਵੀ ਸ਼ਾਇਦ ਥੱਕਿਆ ਹੋਣੈ

ਸੂਰਜ ਪੱਛਮ ਵੱਲ ਨੂੰ ਹੋਇਆ ਝੁਕਦੇ ਝੁਕਦੇ 

(ਬਲਜੀਤ ਪਾਲ ਸਿੰਘ)

Tuesday, November 21, 2023

ਗ਼ਜ਼ਲ

ਜ਼ਿੰਦਗੀ ਦੇ ਬਹੁਤਾ ਕਰੀਬ ਕੋਈ ਨਹੀਂ ।

ਇਹਨੀਂ ਦਿਨੀਂ ਮੇਰਾ ਰਕੀਬ ਕੋਈ ਨਹੀਂ ।


ਹੁੰਦੇ ਸੁੰਦੇ ਸਭ ਕੁਝ ਏਦਾਂ ਲੱਗ ਰਿਹਾ ,

ਮੇਰੇ ਵਰਗਾ ਗ਼ਰੀਬ ਕੋਈ ਨਹੀਂ ।


ਮਾਪ ਸਕੇ ਦਿਲ ਦੇ ਡੂੰਘੇ ਦਰਦ ਨੂੰ ਜੋ ,

ਬਣੀ ਐਸੀ ਅਜੇ ਜਰੀਬ ਕੋਈ ਨਹੀਂ ।


ਲਿਖ ਦੇਵੇ ਜੋ ਮੇਰੇ ਨਾਮ ਨਜ਼ਮ ਤਾਜ਼ਾ ,

ਗਰਾਂ ਮੇਰੇ ਅੰਦਰ ਅਦੀਬ ਕੋਈ ਨਹੀਂ ।


ਮਰਜ਼ ਕੀ ਹੈ ਮੈਨੂੰ ਸਮਝ ਸਕੇ ਆਖਿਰ ,

ਲੱਭ ਰਿਹਾਂ, ਮਿਲਦਾ ਤਬੀਬ ਕੋਈ ਨਹੀਂ ।

(ਬਲਜੀਤ ਪਾਲ ਸਿੰਘ)

Wednesday, November 15, 2023

ਗ਼ਜ਼ਲ

ਚਾਤਰ ਵਾਂਗ ਡਰਾਇਆ ਨਾ ਕਰ

ਮਹਿਲ ਹਵਾਈ ਪਾਇਆ ਨਾ ਕਰ

ਦੋਸਤ ਹੈਂ ਤਾਂ ਦੋਸਤ ਹੀ ਰਹਿ 

ਬਿਨ ਮਤਲਬ ਲਲਚਾਇਆ ਨਾ ਕਰ

ਮੌਜਾਂ ਲੁੱਟ ਤੇ ਕਰ ਲੈ ਐਸ਼ਾਂ 

ਖਾਹਿਸ਼ ਕੋਈ ਦਬਾਇਆ ਨਾ ਕਰ 

ਏਥੇ ਸੱਚ ਦੇ ਹੋਣ ਨਬੇੜੇ 

ਘੋੜੇ ਤੇਜ਼ ਦੁੜਾਇਆ ਨਾ ਕਰ

ਗੇੜੇ ਦੇਵਣ ਧਰਤੀ ਸੂਰਜ 

ਛੇਤੀ ਪੰਧ ਮੁਕਾਇਆ ਨਾ ਕਰ

ਤੈਨੂੰ ਡਾਢਾ ਇਲਮ ਹੈ ਭਾਵੇਂ 

ਰੋਜ਼ ਬੁਝਾਰਤ ਪਾਇਆ ਨਾ ਕਰ

ਤੇਰੇ ਕੋਲੋਂ ਬੜੀਆਂ ਆਸਾਂ 

ਗੱਲਾਂ ਵਿੱਚ ਉਲਝਾਇਆ ਨਾ ਕਰ 

(ਬਲਜੀਤ ਪਾਲ ਸਿੰਘ)

Saturday, November 11, 2023

ਗ਼ਜ਼ਲ

ਪੱਥਰ ਉੱਤੇ ਸੋਹਣੀ ਲੱਗਦੀ ਮੀਨਾਕਾਰੀ ਵੇਖ ਲਈ ਹੈ 

ਕੈਨਵਸ ਉੱਤੇ ਵਾਹੀ ਸੂਹੀ ਚਿੱਤਰਕਾਰੀ ਵੇਖ ਲਈ ਹੈ 

ਮੇਰੇ ਪਿੰਡ ਦੀ ਫਿਰਨੀ ਉੱਤੇ ਸ਼ਾਮ ਨੂੰ ਰੌਣਕ ਵੇਖ ਲਵੀਂ 

ਤੇਰੇ ਸ਼ਹਿਰ ਦੀ ਝੂਠੀ ਸਾਰੀ ਖਾਤਿਰਦਾਰੀ ਵੇਖ ਲਈ ਹੈ 

ਦਾਅਵਾ ਕਰਦਾ ਰਹਿੰਦਾ ਸੀ ਕਿ ਤੂੰ ਹੈ ਯਾਰ ਗਰੀਬਾਂ ਦਾ 

ਸੋਨੇ ਦੇ ਸਿੱਕੇ ਤੇਰੇ ਘਰ ਉਹ ਅਲਮਾਰੀ ਵੇਖ ਲਈ ਹੈ 

ਪੰਛੀ ਆਏ ਚੁਰ ਚੁਰ ਲਾਈ ਤੇ ਝੁਰਮਟ ਹੈ ਪਾਇਆ

ਟਾਹਣੀ ਉੱਤੇ ਰੁੱਖਾਂ ਸੰਗ ਉਹਨਾਂ ਦੀ ਯਾਰੀ ਵੇਖ ਲਈ ਹੈ 

ਆਪਣੇ ਹਮਸਾਇਆਂ ਨੂੰ ਖਾਧਾ ਨੋਚ ਨੋਚ ਕੇ ਜਿੰਨਾ ਨੇ 

ਲੰਬੜਦਾਰਾਂ ਦੀ ਝੂਠੀ ਆਲੰਬਰਦਾਰੀ ਵੇਖ ਲਈ ਹੈ 

ਮੈਂ ਦਰਗਾਹ ਦੇ ਦੀਵੇ ਵਾਂਗੂੰ ਜਗਦਾ ਬੁਝਦਾ ਰਹਿੰਦਾ ਹਾਂ 

ਆਉਂਦੇ ਜਾਂਦੇ ਲੋਕਾਂ ਦੀ ਐਪਰ ਰੂਹਦਾਰੀ ਵੇਖ ਲਈ ਹੈ

ਚਾਹੇ ਸੀ ਕੁਝ ਰੰਗ ਬਰੰਗੇ ਫੁੱਲਾਂ ਦੇ ਦਰਸ਼ਨ ਦੀਦਾਰੇ 

ਗੁਲਸ਼ਨ ਦੇ ਚਾਰੇ ਪਾਸੇ ਪਰ ਚਾਰਦੀਵਾਰੀ ਵੇਖ ਲਈ ਹੈ

ਸੱਤਾ ਮੂਹਰੇ ਨੱਚਦੀ ਹੋਈ ਲਾਲਾਂ ਸੁੱਟਦੀ ਰਹਿੰਦੀ  ਏਦਾਂ 

ਬਹੁਤੇ ਕਵੀਆਂ ਦੀ ਕਵਿਤਾ ਵੀ ਦਰਬਾਰੀ ਵੇਖ ਲਈ ਹੈ 


(ਬਲਜੀਤ ਪਾਲ ਸਿੰਘ)

Sunday, November 5, 2023

ਗ਼ਜ਼ਲ

ਜ਼ਖਮਾਂ ਵਾਂਗੂੰ ਰਿਸਦੀ ਹੈ ਤੇ ਦਰਦ ਕਰੇਂਦੀ ਹੈ।

ਮੈਨੂੰ ਲੰਮੀ ਰਾਤ ਡਰਾਉਣੇ ਸੁਫ਼ਨੇ ਦੇਂਦੀ ਹੈ। 


ਲੋਹੜਾ ਹੋਇਆ ਜੇਕਰ ਉਸ ਨੇ ਸੱਚ ਆਖਿਆ ਤਾਂ, 

ਸਾਰੀ ਖ਼ਲਕਤ ਉਸਨੂੰ ਟੀਰੀ ਅੱਖ ਨਾਲ ਵੇਂਹਦੀ ਹੈ।


ਖੌਰੇ ਕਿਹੜੇ ਬਾਗਾਂ ਵਿੱਚੋਂ ਚੁਣ ਚੁਣ ਲੈ ਆਉੰਦੀ ,

ਕੁਦਰਤ ਇਹਨਾਂ ਫੁੱਲਾਂ ਵਿੱਚ ਜੋ ਰੰਗ ਭਰੇਂਦੀ ਹੈ।


ਲੋਕਾਂ ਦਾ ਕੀ ਇਹ ਤਾਂ ਉਸਨੂੰ ਪੱਥਰ ਕਹਿ ਦਿੰਦੇ ,

ਆਪਣੀ ਕੁੱਖੋਂ ਜਿਹੜੀ ਸੋਹਣੇ ਬਾਲ ਜਣੇਂਦੀ ਹੈ ।


ਰਾਜੇ ਹੇਠਾਂ ਕੁਰਸੀ ਏਸੇ ਕਰਕੇ ਹੈ ਉੱਚਾ ,

ਉਤਰੇਗਾ ਵੇਖਾਂਗੇ ਕਿਹੜੇ ਭਾਅ ਵਿਕੇਂਦੀ ਹੈ ।

(ਬਲਜੀਤ ਪਾਲ ਸਿੰਘ)

Tuesday, October 31, 2023

ਗ਼ਜ਼ਲ


ਘਰ ਅੰਦਰ ਬੈਠੇ ਬੰਦੇ ਨੂੰ ਵੀ ਖਤਰਾ ਹੈ 

ਮੰਡੀ ਦਾ ਮਸਲਾ ਧੰਦੇ ਨੂੰ ਵੀ ਖਤਰਾ ਹੈ

ਬਹੁਤੀ ਥਾਈਂ ਲੋਹੇ ਨੇ ਕਬਜ਼ਾ ਹੈ ਕੀਤਾ 

ਤਰਖਾਣਾਂ ਦੇ ਹੁਣ ਰੰਦੇ ਨੂੰ ਵੀ ਖਤਰਾ ਹੈ 

ਜਦ ਲੋਕਾਂ ਨੇ ਮੂੰਹ ਨਾ ਲਾਇਆ ਤਾਂ ਫਿਰ ਓਦੋਂ 

ਠੱਗ ਟੋਲਿਆਂ ਦੇ ਚੰਦੇ ਨੂੰ ਵੀ ਖਤਰਾ ਹੈ 

ਹਰ ਵੇਲੇ ਡਰਦਾ ਰਹਿੰਦਾ ਹੈ ਵਿਦਰੋਹ ਕੋਲੋਂ 

ਸੱਚੀ ਗੱਲ ਸਿਸਟਮ ਗੰਦੇ ਨੂੰ ਵੀ ਖਤਰਾ ਹੈ 

ਫਸ ਜਾਂਦਾ ਹੈ ਇੱਕ ਦਿਨ ਚੋਰ ਉਚੱਕਾ ਬੰਦਾ 

ਆਖਰਕਾਰ ਤਾਂ ਕੰਮ ਮੰਦੇ ਨੂੰ ਵੀ ਖਤਰਾ ਹੈ 

(ਬਲਜੀਤ ਪਾਲ ਸਿੰਘ)

Saturday, October 28, 2023

ਬੜਾ ਕੁਝ ਲਿਖ ਲਿਆ ਹੈ ਬੜਾ ਕੁਝ ਕਹਿਣ ਦੀ ਆਦਤ

ਅਸੀਂ ਸਾਊ ਜਿਹੇ ਬੰਦੇ ਅਦਬ ਵਿੱਚ ਰਹਿਣ ਦੀ ਆਦਤ


ਜਦੋਂ ਕੋਈ ਕਹਿ ਰਿਹਾ ਹੋਵੇ ਬਹਾਰਾਂ ਮਾਣੀਏ ਆਓ

ਉਹਨੂੰ ਆਖੋ ਕਿ ਸਾਨੂੰ ਪੱਤਝੜਾਂ ਨੂੰ ਸਹਿਣ ਦੀ ਆਦਤ 


ਕਈ ਵਾਰੀ ਕਿਸੇ ਸੁਫ਼ਨੇ ਦੀ ਹੋਵੇ ਜੇ ਤਮੰਨਾ ਤਾਂ 

ਕਿ ਗੂੜ੍ਹੀ ਨੀਂਦ ਵਿੱਚ ਓਦੋਂ ਹੈ ਖੁਦ ਨੂੰ ਲਹਿਣ ਦੀ ਆਦਤ 


ਨਹੀਂ ਹੋਣਾ ਫਿਦਾ ਉਸਤੇ ਜੋ ਖ਼ੁਦ ਨੂੰ ਹੀ ਖ਼ੁਦਾ ਸਮਝੇ

ਅਸਾਨੂੰ ਸਾਦਿਆਂ ਲੋਕਾਂ ਵਿਚਾਲ਼ੇ ਬਹਿਣ ਦੀ ਆਦਤ


ਕਦੇ ਨਾ ਪਰਖਣਾ ਇਹ ਹੌਸਲਾ ਸਾਡਾ ਜਾਂ ਸਾਨੂੰ ਵੀ 

ਅਸੀਂ ਝਰਨੇ ਹਾਂ ਸਾਨੂੰ ਪੱਥਰਾਂ ਨਾਲ ਖਹਿਣ ਦੀ ਆਦਤ

(ਬਲਜੀਤ ਪਾਲ ਸਿੰਘ)